ਚੰਡੀਗੜ੍ਹ, (ਸੱਚੀ ਕਲਮ ਬਿਊਰੋ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਆਖ ਦਿਤਾ ਹੈ ਕਿ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਰੀ ਜਾਂਚ ਵਿਚ ਜਿਹੜੇ ਵੀ ਮੁਲਜ਼ਮ ਦਾ ਨਾਮ ਉਭਰ ਕੇ ਸਾਹਮਣੇ ਆਉਂਦਾ ਹੈ, ਐਸਆਈਟੀ ਉਸ ਦੀ ਭੂਮਿਕਾ ਦੀ ਜਾਂਚ ਕਰੇਗੀ। ਹਾਈ ਕੋਰਟ ਨੇ ਸੌਦਾ ਡੇਰੇ ਦੇ ਸਾਬਕਾ ਪੈਰੋਕਾਰ ਅਤੇ ਡੇਰਾ ਮੁਖੀ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਦੇ ਭਾਣਜੇ ਭੂਪਿੰਦਰ ਸਿੰਘ ਗੋਰਾ ਵਲੋਂ ਐਡਵੋਕੇਟ ਰਵਨੀਤ ਸਿੰਘ ਜੋਸ਼ੀ ਰਾਹੀਂ ਦਾਇਰ ਉਸ ਪਟੀਸ਼ਨ ਦਾ ਵੀ ਨਿਪਟਾਰਾ ਕਰ ਦਿਤਾ ਹੈ ਜਿਸ ਤਹਿਤ ਪਾਵਨ ਸਰੂਪਾਂ ਦੀ ਚੋਰੀ, ਪੋਸਟਰ ਲਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਖਿਲਰੇ ਅੰਗ ਮਿਲਣ ਨਾਲ ਸਬੰਧਤ ਐਫ਼ਆਈਆਰ 'ਚ ਸੌਦਾ ਸਾਧ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਹਾਈ ਕੋਰਟ ਨੇ ਕਿਹਾ ਹੈ ਕਿ ਹੁਣ ਇਸ ਮਾਮਲੇ ਦੀ ਜਾਂਚ ਲਈ ਐਸ ਆਈ ਟੀ ਦਾ ਗਠਨ ਕੀਤਾ ਜਾ ਚੁਕਾ ਹੈ. ਇਸ ਮਾਮਲੇ ਵਿਚ ਜਿਸ ਮੁਲਜ਼ਮ ਦਾ ਵੀ ਨਾਮ ਸਾਹਮਣੇ ਆਏਗਾ ਉਸ ਦੀ ਜਾਂਚ ਲਈ ਐਸ ਆਈ ਟੀ ਆਜ਼ਾਦ ਹੈ। ਦਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ ਮਹੀਨੇ ਇਹ ਪਟੀਸ਼ਨ ਦਾਇਰ ਹੋਣ ਤੋਂ ਹੁਣ ਇਸ ਦਾ ਨਿਪਟਾਰਾ ਹੋ ਜਾਣ ਦੌਰਾਨ ਐਸਆਈਟੀ ਹਰਿਆਣਾ ਦੀ ਸੁਨਾਰੀਆ ਜੇਲ ਜਾ ਕੇ ਸੌਦਾ ਸਾਧ ਕੋਲੋਂ ਪੁਛਗਿਛ ਦੀ ਅਸਫ਼ਲ ਕੋਸ਼ਿਸ਼ ਕਰ ਚੁਕੀ ਹੈ।